ਲੌਕਡਾਊਨ 4.0 ‘ਚ ਦਫ਼ਤਰ ਤੇ ਫ਼ੈਕਟਰੀ ਖੋਲ੍ਹਣ ਦੀ ਮਨਜੂਰੀ, ਜਾਣੋ ਕੀ ਹਨ ਸ਼ਰਤਾਂ

ਲੌਕਡਾਊਨ ਦਾ ਤੀਜਾ ਗੇੜ ਖ਼ਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਕੇਂਦਰ ਸਰਕਾਰ ਨੇ ਲੌਕਡਾਊਨ ਨੂੰ 31 ਮਈ ਤਕ ਵਧਾ ਦਿੱਤਾ ਹੈ। ਹਾਲਾਂਕਿ ਇਸ ਵਾਰ ਕੇਂਦਰ ਸਰਕਾਰ ਨੇ ਆਰਥਿਕ ਗਤੀਵਿਧੀਆਂ ਨਾਲ ਜੁੜੀਆਂ ਸ਼ਰਤਾਂ ਨਾਲ ਕਈ ਛੋਟਾਂ ਦਿੱਤੀਆਂ ਹਨ।
 

ਐਤਵਾਰ ਸ਼ਾਮ ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਲਾਜ਼ਮ ਹੁਣ ਦਫ਼ਤਰ ਜਾ ਸਕਦੇ ਹਨ। ਫ਼ੈਕਟਰੀ ਤੇ ਉਦਯੋਗਿਕ ਇਕਾਈਆਂ ਨੂੰ ਵੀ ਖੋਲ੍ਹਣ ਦੀ ਛੋਟ ਮਿਲ ਗਈ ਹੈ। ਹਾਲਾਂਕਿ, ਜਿੱਥੋਂ ਤਕ ਸੰਭਵ ਹੋ ਸਕੇ ਘਰ ਤੋਂ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ।
 

ਕੰਮ ਵਾਲੀਆਂ ਥਾਵਾਂ ‘ਤੇ ਦਾਖਲ ਹੋਣ ਅਤੇ ਬਾਹਰ ਨਿਕਲਣ ਸਮੇਂ ਥਰਮਲ ਸਕੈਨਿੰਗ, ਹੈਂਡ ਸੈਨੀਟਾਈਜ਼ਰ ਆਦਿ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਪੂਰੀ ਕੰਮ ਵਾਲੀ ਥਾਂ ਨੂੰ ਨਿਯਮਤ ਤੌਰ ‘ਤੇ ਸੈਨੇਟਾਈਜ਼ ਕਰਨਾ ਹੋਵੇਗਾ। ਮੁਲਾਜ਼ਮਾਂ ਵਿਚਕਾਰ ਦੂਰੀ ਨੂੰ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ। ਸ਼ਿਫ਼ਟ ‘ਚ ਬਦਲਾਅ ਅਤੇ ਦੁਪਹਿਰ ਦੇ ਖਾਣੇ ਦੀ ਬਰੇਕ ‘ਚ ਗੈਪ ਨੂੰ ਬਣਾਈ ਰੱਖਣ ਲਈ ਕਿਹਾ ਗਿਆ ਹੈ।
 

ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਸਾਰੀਆਂ ਦੁਕਾਨਾਂ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਗ੍ਰਾਹਕ ਇੱਕ-ਦੂਜੇ ਤੋਂ 6 ਫੁੱਟ ਦੂਰ ਰਹਿਣ ਅਤੇ ਇੱਕ ਵਾਰ ‘ਚ 5 ਤੋਂ ਵੱਧ ਲੋਕਾਂ ਨੂੰ ਉੱਥੇ ਰਹਿਣ ਦੀ ਮਨਜੂਰੀ ਨਾ ਦੇਣ। ਸਥਾਨਕ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਪਾਬੰਦੀਸ਼ੁਦਾ ਖੇਤਰਾਂ ਦੇ ਬਾਹਰ ਸਥਿੱਤ ਸਾਰੀਆਂ ਦੁਕਾਨਾਂ ਅਤੇ ਮਾਰਕੀਟ ਵੱਖ-ਵੱਖ ਸਮੇਂ ਖੁੱਲ੍ਹਣ।
 

ਜ਼ਿਕਰਯੋਗ ਹੈ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਐਤਵਾਰ ਸ਼ਾਮ ਨੂੰ ਕੌਮੀ ਆਫ਼ਤ ਪ੍ਰਬੰਧਨ ਐਕਟ 2005 ਦੀ ਵਿਵਸਥਾ ਤਹਿਤ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਲਾਗੂ ਲੌਕਡਾਊਨ ਨੂੰ 31 ਮਈ ਤਕ ਵਧਾਉਣ ਲਈ ਕਿਹਾ ਹੈ। ਐਤਵਾਰ ਨੂੰ ਦੇਸ਼ ਵਿਚ ਕੋਵਿਡ-19 ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ 2,872 ਤਕ ਪਹੁੰਚ ਗਈ। ਹੁਣ ਤਕ ਦੇਸ਼ ‘ਚ ਕੋਰੋਨਾ ਲਾਗ ਦੇ ਕੁੱਲ ਕੇਸ 90,927 ਹੋ ਗਏ ਹਨ।

Source HINDUSTAN TIMES

%d bloggers like this: