ਭਾਰਤ ‘ਚ ਪੂਰੀ ਤਰ੍ਹਾਂ ਫੇਲ ਹੋ ਗਿਆ ਲੌਕਡਾਊਨ : ਰਾਹੁਲ ਗਾਂਧੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅਸੀਂ ਲੌਕਡਾਊਨ ਨੂੰ ਹਟਾ ਰਹੇ ਹਾਂ। ਲੌਕਡਾਊਨ ਦਾ ਉਦੇਸ਼ ਅਸਫਲ ਹੋ ਗਿਆ ਹੈ। ਭਾਰਤ ਨੂੰ ਅਸਫਲ ਲੌਕਡਾਊਨ ਦੇ ਨਤੀਜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 

ਰਾਹੁਲ ਨੇ ਕਿਹਾ ਕਿ ਚਾਰ ਫ਼ੇਜ਼ ਦੇ ਲੌਕਡਾਊਨ ਤੋਂ ਬਾਅਦ ਵੀ ਉਹ ਨਤੀਜੇ ਨਹੀਂ ਮਿਲੇ, ਜਿਸ ਦੀ ਪ੍ਰਧਾਨ ਮੰਤਰੀ ਉਮੀਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਫ਼ਰੰਟ ਫੁੱਟ ‘ਤੇ ਖੇਡ ਰਹੇ ਸਨ, ਪਰ ਜਦੋਂ ਲੌਕਡਾਊਨ ਅਸਫਲ ਹੋਇਆ ਤਾਂ ਉਹ ਬੈਕਫੁੱਟ ‘ਤੇ ਚਲੇ ਗਏ। ਉਨ੍ਹਾਂ ਨੂੰ ਦੁਬਾਰਾ ਫ਼ਰੰਟ ਫੁੱਟ ‘ਤੇ ਆਉਣਾ ਚਾਹੀਦਾ ਹੈ। 
 

 

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰਾਂ ਨੇ ਕਿਹਾ ਸੀ ਕਿ ਮਈ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋ ਰਿਹਾ ਸੀ। ਹੁਣ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਅੱਗੇ ਕੀ ਯੋਜਨਾ ਹੈ? ਲੌਕਡਾਊਨ ਖੋਲ੍ਹਣ ਦੀ ਰਣਨੀਤੀ ‘ਚ ਪ੍ਰਵਾਸੀਆਂ ਅਤੇ ਸੂਬਿਆਂ ਦੀ ਮਦਦ ਕਰਨ ਲਈ ਕੀ ਪ੍ਰਬੰਧ ਹਨ?
 

ਰਾਹੁਲ ਨੇ ਕਿਹਾ ਕਿ ਸਰਕਾਰ ਨੇ ਆਰਥਿਕ ਪੈਕੇਜ਼ ਵਿੱਚ ਜੋ ਦਿੱਤਾ, ਉਸ ਤੋਂ ਕੁਝ ਨਹੀਂ ਹੋਵੇਗਾ। ਪੈਸੇ ਲੋਕਾਂ ਦੇ ਹੱਥਾਂ ਤਕ ਪਹੁੰਚਣੇ ਚਾਹੀਦੇ ਹਨ। ਜੇ ਆਮ ਲੋਕਾਂ ਅਤੇ ਉਦਯੋਗਾਂ ਨੂੰ ਵਿੱਤੀ ਸਹਾਇਤਾ ਨਹੀਂ ਮਿਲੀ ਤਾਂ ਨਤੀਜੇ ਖ਼ਤਰਨਾਕ ਹੋਣਗੇ। ਕੇਂਦਰ ਨੂੰ ਸੂਬਿਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਬਗੈਰ ਕਾਂਗਰਸ ਸ਼ਾਸਿਤ ਸੂਬਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
 

ਚੀਨ ਨਾਲ ਚੱਲ ਰਹੇ ਤਣਾਅ ‘ਤੇ ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਤੌਰ ‘ਤੇ ਦੱਸਣਾ ਚਾਹੀਦਾ ਹੈ ਕਿ ਕਦੋਂ ਅਤੇ ਕੀ ਹੋਇਆ। ਨੇਪਾਲ ਵਿੱਚ ਕੀ ਹੋਇਆ ਅਤੇ ਹੁਣ ਲੱਦਾਖ ਵਿੱਚ ਕੀ ਹੋ ਰਿਹਾ ਹੈ? ਇਸ ਬਾਰੇ ਅਜੇ ਕੋਈ ਪਾਰਦਰਸ਼ਿਤਾ ਨਹੀਂ ਹੈ।
 

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ਅਤੇ ਦੁਨੀਆ ਦੇ ਬਹੁਤੇ ਹਿੱਸਿਆਂ ਵਿੱਚ ਲੌਕਡਾਊਨ ਅਤੇ ਵੱਖ-ਵੱਖ ਪਾਬੰਦੀਆਂ ਲਾਗੂ ਹਨ, ਪਰ ਅਜੇ ਤਕ ਇਸ ਦੀ ਰਫ਼ਤਾਰ ‘ਚ ਕਮੀ ਨਜ਼ਰ ਨਹੀਂ ਆਈ ਹੈ। ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਲਗਭਗ 1 ਲੱਖ 45 ਹਜ਼ਾਰ ਹੋ ਗਈ ਹੈ।

Source HINDUSTAN TIMES

%d bloggers like this: