ਪੂਰਬੀ ਲੱਦਾਖ ‘ਚ ਤੋਪ ਤੇ ਭਾਰੀ ਹਥਿਆਰ ਜਮਾਂ ਕਰ ਰਹੀ ਹੈ ਚੀਨੀ ਫ਼ੌਜ, ਭਾਰਤ ਵੀ ਤਿਆਰ

ਭਾਰਤ-ਚੀਨ ਦੀ ਤਕਰਾਰਬਾਜ਼ੀ ਵਿਚਕਾਰ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪੂਰਬੀ ਲੱਦਾਖ ‘ਚ ਵਿਵਾਦਤ ਇਲਾਕਿਆਂ ਦੇ ਨੇੜੇ ਸਥਿੱਤ ਆਪਣੇ ਫ਼ੌਜੀ ਟਿਕਾਣਿਆਂ ‘ਤੇ ਹਥਿਆਰ ਤੇ ਜ਼ਰੂਰੀ ਉਪਕਰਣ ਤਾਇਨਾਤ ਕਰ ਰਹੀਆਂ ਹਨ। ਇਨ੍ਹਾਂ ‘ਚ ਤੋਪਾਂ ਤੇ ਲੜਾਕੂ ਜਹਾਜ਼ ਸ਼ਾਮਲ ਹਨ। ਭਾਰਤ ਤੇ ਚੀਨੀ ਫ਼ੌਜ ਵਿਚਕਾਰ ਪਿਛਲੇ 25 ਦਿਨ ਤੋਂ ਤਣਾਅ ਚੱਲ ਰਿਹਾ ਹੈ। ਫ਼ੌਜੀ ਸੂਤਰਾਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। ਵਿਵਾਦਿਤ ਖੇਤਰ ‘ਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਹਥਿਆਰਾਂ ਨੂੰ ਅਜਿਹੇ ਸਮੇਂ ‘ਚ ਤਾਇਨਾਤ ਕੀਤਾ ਜਾ ਰਿਹਾ ਹੈ, ਜਦੋਂ ਫ਼ੌਜ ਤੇ ਕੂਟਨੀਤਕ ਪੱਧਰ ‘ਤੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 

ਸੂਤਰਾਂ ਨੇ ਦੱਸਿਆ ਕਿ ਚੀਨੀ ਫ਼ੌਜ ਰਣਨੀਤੀ ਤਹਿਤ ਹੌਲੀ-ਹੌਲੀ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ਨੇੜੇ ਆਪਣੇ ਬੇਸ ਕੈਂਪ ‘ਚ ਤੋਪਾਂ, ਟੈਂਕਰਾਂ ਅਤੇ ਭਾਰੀ ਫ਼ੌਜੀ ਉਪਕਰਣਾਂ ਦੇ ਭੰਡਾਰ ਨੂੰ ਵਧਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਚੀਨ ਨਾਲ ਮੁਕਾਬਲਾ ਕਰਨ ਲਈ ਵਾਧੂ ਜਵਾਨਾਂ ਦੇ ਨਾਲ-ਨਾਲ ਤੋਪਾਂ ਜਿਹੇ ਹਥਿਆਰਾਂ ਨੂੰ ਵੀ ਉੱਥੇ ਭੇਜ ਰਹੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਉਦੋਂ ਤੱਕ ਪਿੱਛੇ ਨਹੀਂ ਹਟੇਗਾ, ਜਦੋਂ ਤਕ ਪੈਨਗੋਂਗ ਤਸੋ, ਗਲਵਾਨ ਵੈਲੀ ਅਤੇ ਹੋਰ ਕਈ ਇਲਾਕਿਆਂ ‘ਚ ਪਹਿਲਾਂ ਵਰਗੀ ਸਥਿਤੀ ਨਹੀਂ ਬਣ ਜਾਂਦੀ। ਭਾਰਤੀ ਹਵਾਈ ਸੈਨਾ ਵਿਵਾਦਿਤ ਖੇਤਰ ‘ਤੇ ਨੇੜਿਉਂ ਨਜ਼ਰ ਰੱਖ ਰਹੀ ਹੈ।
 

ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਪੈਨਗੋਂਗ ਤਸੋ ਅਤੇ ਗੈਲਵਨ ਵੈਲੀ ਵਿੱਚ ਲਗਭਗ 2500 ਸਿਪਾਹੀ ਤਾਇਨਾਤ ਕੀਤੇ ਹਨ ਅਤੇ ਹੌਲੀ-ਹੌਲੀ ਅਸਥਾਈ ਢਾਂਚਾ ਤੇ ਹਥਿਆਰਾਂ ਦੀ ਗਿਣਤੀ ਵਧਾ ਰਿਹਾ ਹੈ। ਹਾਲਾਂਕਿ ਹਥਿਆਰਾਂ ਨੂੰ ਗਿਣਤੀ ਬਾਰੇ ਹਾਲੇ ਕੋਈ ਅਧਿਕਾਰਤ ਅੰਕੜਾ ਨਹੀਂ ਮਿਲਿਆ ਹੈ।
 

ਭਾਰਤੀ ਸੈਨਾ ਦੇ ਅੰਦਾਜੇ ਅਨੁਸਾਰ ਚੀਨ ਦਾ ਉਦੇਸ਼ ਭਾਰਤ ‘ਤੇ ਦਬਾਅ ਬਣਾਉਣਾ ਹੈ। ਇੱਕ ਸੀਨੀਅਰ ਫ਼ੌਜ ਅਧਿਕਾਰੀ ਨੇ ਕਿਹਾ, “ਅਸੀਂ ਚੀਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਭਾਰਤੀ ਫ਼ੌਜ ਆਪਣੇ ਸਟੈਂਡ ‘ਤੇ ਕਾਇਮ ਹੈ ਅਤੇ ਅਸੀਂ ਖੇਤਰ ਵਿੱਚ ਪਹਿਲਾਂ ਵਾਲੀ ਸਥਿਤੀ ਬਹਾਲ ਹੋਣ ਤਕ ਪਿੱਛੇ ਹਟਣ ਵਾਲੇ ਨਹੀਂ ਹਾਂ।”

Source HINDUSTAN TIMES

%d bloggers like this: