ਪਿਛਲੇ 24 ਘੰਟੇ ‘ਚ ਕੋਰੋਨਾ ਦੇ 10 ਹਜ਼ਾਰ ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 2.26 ਲੱਖ ਤੋਂ ਪਾਰ

ਦੇਸ਼ ‘ਚ ਕੋਰੋਨਾ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟੇ ‘ਚ ਲਗਭਗ 10,000 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਅਨੁਸਾਰ ਪਿਛਲੇ 24 ਘੰਟੇ ‘ਚ 9,851 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 273 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟੇ ‘ਚ 5,355 ਕੋਰੋਨਾ ਵਿਰੁੱਧ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।
 

ਹੁਣ ਦੇਸ਼ ‘ਚ ਮਰੀਜ਼ਾਂ ਦੀ ਕੁਲ ਗਿਣਤੀ 2,26,770 ਹੈ, ਜਿਨ੍ਹਾਂ ‘ਚ 6348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਤਕ ਲਗਭਗ 50% ਮਤਲਬ 1,09,462 ਲੋਕ ਠੀਕ ਹੋ ਚੁੱਕੇ ਹਨ। ਇਸ ਸਮੇਂ ਦੇਸ਼ ‘ਚ 1,10,960 ਐਕਟਿਵ ਕੇਸ ਹਨ।
 

 

ਉੱਧਰ ਮਹਾਰਾਸ਼ਟਰ ‘ਚ ਪਿਛਲੇ 24 ਘੰਟੇ ਵਿੱਚ 123 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਕ ਦਿਨ ਪਹਿਲਾਂ 122 ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਈ ਸੀ। ਸੂਬੇ ‘ਚ ਕੋਰੋਨਾ ਕਾਰਨ ਹੁਣ ਤਕ 2710 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 24 ਘੰਟੇ ਦੇ ਅੰਦਰ ਲਗਭਗ 3000 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਥੇ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 77,793 ਹੋ ਗਈ ਹੈ।
 

ਦਿੱਲੀ ‘ਚ ਵੀ ਬਾਰਡਰ ਸੀਲ ਕਰਨ ਦੀ ਗਹਿਮਾਗਹਿਮੀ ਵਿਚਕਾਰ ਕੋਰੋਨਾ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ। ਰਾਜਧਾਨੀ ‘ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। 24 ਘੰਟੇ ਦੇ ਅੰਦਰ-ਅੰਦਰ ਦਿੱਲੀ ‘ਚ 1359 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੰਕਰਮਿਤਾਂ ਦੀ ਗਿਣਤੀ 25 ਹਜ਼ਾਰ ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 650 ਤਕ ਪਹੁੰਚ ਗਈ ਹੈ। ਕੋਰੋਨਾ ਕਾਰਨ ਪਿਛਲੇ 24 ਘੰਟੇ ‘ਚ 22 ਲੋਕਾਂ ਦੀ ਮੌਤ ਹੋ ਗਈ ਹੈ।

Source HINDUSTAN TIMES

%d bloggers like this: