ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ ਨੇੜੇ ਪੁੱਜੀ, 24 ਘੰਟੇ ‘ਚ ਮਿਲੇ 8171 ਨਵੇਂ ਮਾਮਲੇ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਪਿਛਲੇ 24 ਘੰਟੇ ‘ਚ 8171 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 204 ਲੋਕਾਂ ਦੀ ਕੋਰੋਨਾ ਵਾਇਰਸ ਨੇ ਜਾਨ ਲੈ ਲਈ।
 

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਹੁਣ ਤਕ 1,98,706 ਕੋਰੋਨਾ ਮਰੀਜ਼ ਹਨ। ਮਰਨ ਵਾਲਿਆਂ ਦੀ ਗਿਣਤੀ 5,598 ਹੋ ਗਈ ਹੈ। ਹੁਣ ਤਕ 95,527 ਲੋਕ ਠੀਕ ਹੋ ਚੁੱਕੇ ਹਨ ਅਤੇ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, ਜਦਕਿ 97,581 ਮਰੀਜ਼ ਇਲਾਜ ਅਧੀਨ ਹਨ।
 

ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 70,013 ਹੋ ਗਈ ਹੈ। ਇਨ੍ਹਾਂ ਵਿੱਚੋਂ 37,543 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ 30,108 ਲੋਕ ਕੋਰੋਨਾ ਵਾਇਰਸ ਨਾਲ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਸੂਬੇ ‘ਚ ਹੁਣ ਤਕ 2362 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ‘ਚ 20,834 ਕੋਰੋਨਾ ਦੇ ਮਰੀਜ਼ ਹਨ, ਜਿਨ੍ਹਾਂ ਵਿੱਚੋਂ 8746 ਲੋਕ ਠੀਕ ਹੋ ਚੁੱਕੇ ਹਨ।
 

ਇਸ ਦੇ ਨਾਲ ਹੀ 11,565 ਮਰੀਜ਼ ਹੁਣ ਤਕ ਸਰਗਰਮ ਹਨ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 523 ਤਕ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ 8075 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 217 ਦੀ ਮੌਤ ਹੋ ਚੁੱਕੀ ਹੈ। ਬਿਹਾਰ ‘ਚ 3926 ਕੋਰੋਨਾ ਮਾਮਲੇ ਮਿਲੇ ਹਨ ਅਤੇ ਇਨ੍ਹਾਂ ‘ਚੋਂ 24 ਦੀ ਮੌਤ ਹੋ ਚੁੱਕੀ ਹੈ।
 

ਦੇਸ਼ ਵਿੱਚ ਕੋਰੋਨਾ ਦੀ ਲਾਗ ਵਿਚਕਾਰ ਰਾਹਤ ਵਾਲੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਠੀਕ ਹੋ ਰਹੇ ਹਨ। ਦੇਸ਼ ਦੇ 14 ਸੂਬਿਆਂ ‘ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਠੀਕ ਹੋ ਚੁੱਕੇ ਮਰੀਜ਼ਾਂ ਦਾ ਅੰਕੜਾ ਹੈ। ਡਾਕਟਰੀ ਮਾਹਰਾਂ ਦੇ ਅਨੁਸਾਰ ਇਹ ਅੰਕੜੇ ਲੋਕਾਂ ਵਿੱਚ ਕੋਰੋਨਾ ਦੇ ਡਰ ਨੂੰ ਦੂਰ ਕਰਨਗੇ। ਸਿਹਤ ਮੰਤਰਾਲੇ ਦੇ ਅਨੁਸਾਰ ਕੋਰੋਨਾ ਦੀ ਲੜਾਈ ਵਿੱਚ ਹੁਣ ਤਕ 48% ਲੋਕ ਜਿੱਤ ਚੁੱਕੇ ਹਨ। ਬਹੁਤ ਸਾਰੇ ਸੂਬਿਆਂ ‘ਚ ਰਿਕਵਰੀ ਦੀ ਦਰ ਇਸ ਤੋਂ ਵੀ ਵਧੀਆ ਹੈ। ਪੰਜਾਬ ‘ਚ ਸਭ ਤੋਂ ਵੱਧ 88% ਹੈ। ਇੱਥੇ 2263 ਵਿੱਚੋਂ 1987 ਮਰੀਜ਼ ਠੀਕ ਹੋ ਚੁੱਕੇ ਹਨ।

Source HINDUSTAN TIMES

%d bloggers like this: