Advertisements

ਦਾਤੀ ਮਹਾਰਾਜ ‘ਤੇ ਲੌਕਡਾਊਨ ਦੀ ਉਲੰਘਣਾ ਦਾ ਕੇਸ ਦਰਜ

ਦੇਸ਼ ‘ਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਦਾਤੀ ਮਹਾਰਾਜ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦਾਤੀ ਮਹਾਰਾਜ ਵਿਰੁੱਧ ਲੌਕਡਾਊਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
 

ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਦੇਸ਼ ‘ਚ ਲੌਕਡਾਊਨ ਲਾਗੂ ਹੈ। ਲੌਕਡਾਊਨ ਦੌਰਾਨ ਲੋਕਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਧਾਰਮਿਕ ਪ੍ਰੋਗਰਾਮ ਅਤੇ ਲੋਕਾਂ ਦੇ ਇਕੱਠੇ ਹੋਣ ‘ਤੇ ਵੀ ਪਾਬੰਦੀ ਹੈ। ਹਾਲਾਂਕਿ ਹੁਣ ਇੱਕ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਨ ਦਾ ਮਾਮਲਾ ਦਿੱਲੀ ‘ਚ ਸਾਹਮਣੇ ਆਇਆ ਹੈ।
 

ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਦਿੱਲੀ ਦੇ ਅਸੋਲ ਦੇ ਸ਼ਨੀਧਾਮ ਮੰਦਰ ਦੀਆਂ ਹਨ। ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਦਿਆਂ ਇੱਥੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਸਿਰਫ਼ ਇਹੀ ਨਹੀਂ, ਲੋਕਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ।
 

ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਪਤਾ ਚੱਲਿਆ ਕਿ ਸ਼ਨੀਧਾਮ ਮੰਦਰ ਦੇ ਮੁੱਖ ਪੁਜਾਰੀ ਦਾਤੀ ਮਹਾਰਾਜ ਦੇ ਨਾਲ ਕੁਝ ਲੋਕਾਂ ਨੇ 22 ਮਈ ਨੂੰ ਸ਼ਾਮ 7:30 ਵਜੇ ਮੰਦਰ ਵਿੱਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ। ਮੰਦਰ ‘ਚ ਲੌਕਡਾਊਨ ਬਾਰੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ।
 

ਪੁਲਿਸ ਅਨੁਸਾਰ ਆਈਪੀਸੀ ਦੀ ਧਾਰਾ 188/34, ਡੀਡੀਐਮਏ ਐਕਟ ਦੀ ਧਾਰਾ 18 ਬੀ ਅਤੇ ਮਹਾਂਮਾਰੀ ਰੋਗ ਐਕਟ ਦੀ ਧਾਰਾ 3 ਦੇ ਤਹਿਤ ਦਾਤੀ ਮਹਾਰਾਜ ਅਤੇ ਤਸਵੀਰ ਵਿੱਚ ਦਿਖਾਈ ਦੇ ਰਹੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੀਐਸ ਮੈਦਾਨ ਗੜ੍ਹੀ ਵਿਖੇ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Source HINDUSTAN TIMES