ਜਾਸੂਸੀ ਦੇ ਦੋਸ਼ ‘ਚ ਫੜੇ ਗਏ ਹਾਈ ਕਮਿਸ਼ਨ ਦੇ ਦੋਵੇਂ ਅਧਿਕਾਰੀਆਂ ਨੂੰ ਪਾਕਿਸਤਾਨ ਭੇਜਿਆ

ਪਾਕਿਸਤਾਨੀ ਸਫ਼ਾਰਤਖਾਨੇ ਦੇ ਦੋ ਅਧਿਕਾਰੀਆਂ, ਜਿਨ੍ਹਾਂ ਨੂੰ ਜਾਸੂਸੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ, ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਨਿਕਾਲਾ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। ਆਬਿਦ ਹੁਸੈਨ ਤੇ ਮੁਹੰਮਦ ਤਾਹਿਰ ਨੂੰ ਐਤਵਾਰ ਨੂੰ ਸਪੈਸ਼ਲ ਸੈੱਲ ਅਤੇ ਮਿਲਟਰੀ ਇੰਟੈਲੀਜੈਂਸ ਦੀ ਆਈਬੀ ਟੀਮ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਦੋਵੇਂ ਇੱਕ ਵਿਅਕਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਭਾਰਤ ਦੀ ਸੁਰੱਖਿਆਂ ਵਾਲੇ ਦਸਤਾਵੇਜ਼ ਲੈਂਦੇ ਪਏ ਸਨ।
 

ਇਨ੍ਹਾਂ ਦੋਵਾਂ ਜਣਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫ਼ਸਰ ਨਵੀਂ ਦਿੱਲੀ ਵਿੱਚ ਜਾਸੂਸੀ ਕਰਦੇ ਫੜੇ ਗਏ ਹਨ। ਉਨ੍ਹਾਂ ਨੂੰ ਫੜਨ ਦੀ ਕਾਰਵਾਈ ਭਾਰਤ ਦੀਆਂ ਜਾਂਚ ਏਜੰਸੀਆਂ ਨੇ ਕੀਤੀ ਅਤੇ ਭਾਰਤ ਨੇ ਇਨ੍ਹਾਂ ਨੂੰ ‘ਪਰਸੋਨਾ ਨਾਨ ਗ੍ਰਾਟਾ’ ਐਲਾਨ ਕਰ ਕੇ 24 ਘੰਟੇ ਵਿੱਚ ਦੇਸ਼ ਛੱਡਣ ਲਈ ਕਿਹਾ ਸੀ। ਪਾਕਿਸਤਾਨ ਨੂੰ ਇੱਕ ਡਿਮਾਰਸ਼ੇ (ਡਿਪਲੋਮੈਟਿਕ ਮੀਮੋ) ਵੀ ਦਿੱਤਾ ਗਿਆ ਹੈ, ਜਿਸ ‘ਚ ਉਸ ਦੇ ਅਫਸਰਾਂ ਵੱਲੋਂ ਭਾਰਤ ਦੀ ਕੌਮੀ ਸੁਰੱਖਿਆ ਵਿਰੁੱਧ ਕੀਤੇ ਜਾਂਦੇ ਕੰਮਾਂ ਉੱਤੇ ਸਖ਼ਤ ਵਿਰੋਧ ਦਰਜ ਕਰਾਇਆ ਗਿਆ ਹੈ। ਇਸ ਸਬੰਧ ਵਿੱਚ ਪਾਕਿਸਤਾਨ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਉਹ ਤੈਅ ਕਰੇ ਕਿ ਉਸ ਦੇ ਅਫਸਰ ਡਿਪਲੋਮੈਟਿਕ ਨਿਯਮਾਂ ਹੇਠ ਜ਼ਿੰਮੇਵਾਰੀ ਨਿਭਾਉਣ।
 

ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਐਤਵਾਰ ਦੁਪਹਿਰ 12 ਵਜੇ ਕਰੋਲਬਾਗ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਇਹ ਵਿਅਕਤੀ ਪੈਸਿਆਂ ਦਾ ਲਾਲਚ ਦੇ ਕੇ ਸੁਰੱਖਿਆ ਨਾਲ ਜੁੜੇ ਦਸਤਾਵੇਜ਼ ਲੈ ਰਹੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਨਕਲੀ ਆਧਾਰ ਕਾਰਡ, ਭਾਰਤੀ ਕਰੰਸੀ ਅਤੇ ਆਈਫੋਨ ਬਰਾਮਦ ਕੀਤਾ ਹੈ। 
 

ਸਪਾ ਸੰਸਦ ਦਾ ਪੀ.ਏ. ਗ੍ਰਿਫ਼ਤਾਰ ਕੀਤਾ ਗਿਆ ਸੀ
ਅਕਤੂਬਰ 2016 ’ਚ ਸਪਾ ਦੇ ਸਾਬਕਾ ਸੰਸਦ ਮੁਨੱਵਰ ਸਲੀਮ ਦੇ ਪੀ.ਏ. ਮੋਹਮੰਦ ਫ਼ਰਹਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਸ਼ਾਰੇ ’ਤੇ ਜਾਸੂਸੀ ਦਾ ਦੋਸ਼ ਸੀ। ਇਸ ਮਾਮਲੇ ’ਚ ਕਈ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।  ਹਾਈ ਕਮਿਸ਼ਨ ਦਾ ਇਕ ਅਫਸਰ ਮਹਿਮੂਦ ਅਖਤਰ ਇਨ੍ਹਾਂ ਲੋਕਾਂ ਨੂੰ ਜਾਸੂਸੀ ਦੇ ਬਦਲੇ ਪੈਸੇ ਦਿੰਦਾ ਸੀ। ਦੋਸ਼ੀਆਂ ਕੋਲੋਂ ਗੁਪਤ ਦਸਤਾਵੇਜ਼ ਬਰਾਮਦ ਹੋਏ ਸਨ। ਭਾਰਤ ਨੇ ਸਖਤ ਕਾਰਵਾਈ ਕਰਦੇ ਹੋਏ ਅਖ਼ਤਰ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਸੀ। ਇਸ ਦੌਰਾਨ ਜੋਧਪੁਰ ਤੋਂ ਆਈ.ਐਸ.ਆਈ. ਦਾ ਇੱਕ ਏਜੰਟ ਸ਼ੋਏਬ ਵੀ ਪੁਲਿਸ ਦੇ ਹੱਥੇ ਚੜ੍ਹਿਆ ਸੀ।

 

Source HINDUSTAN TIMES

%d bloggers like this: