ਕੋਰੋਨਾ ਵਿਚਕਾਰ ਮਹਾਰਾਸ਼ਟਰ ਤੇ ਗੁਜਰਾਤ ‘ਚ ਆਉਣ ਵਾਲਾ ਹੈ ਚੱਕਰਵਾਤੀ ਤੂਫ਼ਾਨ ‘ਨਿਸਰਗ’

ਦੇਸ਼ ‘ਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਵਿਚਕਾਰ ਇੱਕ ਹੋਰ ਚੱਕਰਵਾਤੀ ਤੂਫ਼ਾਨ ਮਹਾਰਾਸ਼ਟਰ ਤੇ ਗੁਜਰਾਤ ਦੇ ਤਟੀ ਜ਼ਿਲ੍ਹਿਆਂ ‘ਚ ਦਸਤਕ ਦੇਣ ਵਾਲਾ ਹੈ। ਬੰਗਾਲ ਤੇ ਉਡੀਸਾ ‘ਚ ਪਿਛਲੇ ਦਿਨੀਂ ਤੂਫ਼ਾਨ ਅਮਫ਼ਾਨ ਦੀ ਤਬਾਹੀ ਤੋਂ ਬਾਅਦ ਤੂਫ਼ਾਨ ਨਿਸਰਗ ਬੁੱਧਵਾਰ ਮਤਲਬ 3 ਜੂਨ ਨੂੰ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ‘ਚ ਦਸਤਕ ਦੇ ਸਕਦਾ ਹੈ। 
 

ਮੌਸਮ ਵਿਭਾਗ ਨੇ ਮੁੰਬਈ ਅਤੇ ਆਸਪਾਸ ਦੇ ਜ਼ਿਲ੍ਹਿਆਂ ਨੂੰ ਹਾਈ ਅਲਰਟ ‘ਤੇ ਪਾ ਦਿੱਤਾ ਹੈ ਅਤੇ ਐਨਡੀਆਰਐਫ ਦੀ ਟੀਮ ਨੇ ਪਾਲਘਰ ਦੇ ਤੱਟਵਰਤੀ ਇਲਾਕਿਆਂ ‘ਚ ਟੀਮਾਂ ਤਾਇਨਾਤ ਕੀਤੀਆਂ ਹਨ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਅਤੇ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੌਸਮ ਵਿਭਾਗ ਨੇ ਦੱਸਿਆ ਕਿ 3 ਜੂਨ ਦੀ ਸ਼ਾਮ ਤਕ ਚੱਕਰਵਾਤੀ ਤੂਫ਼ਾਨ ਨਿਸਰਗ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟਵਰਤੀ ਖੇਤਰਾਂ ‘ਚ ਦਸਤਕ ਦੇ ਸਕਦਾ ਹੈ।
 

ਇੱਕ ਅਧਿਕਾਰੀ ਨੇ ਦੱਸਿਆ ਕਿ ਚੱਕਰਵਾਤ ਦੇ ਆਉਣ ਤੋਂ ਪਹਿਲਾਂ 20,000 ਲੋਕਾਂ ਨੂੰ ਗੁਜਰਾਤ ਦੇ ਤੱਟ ਦੇ ਨੇੜੇ ਸਥਿਤ ਪਿੰਡਾਂ ਤੋਂ ਬਾਹਰ ਕੱਢਿਆ ਜਾਵੇਗਾ। ਦੱਸ ਦੇਈਏ ਕਿ ਐਨਡੀਆਰਐਫ ਦੀਆਂ 11 ਟੀਮਾਂ ਗੁਜਰਾਤ ‘ਚ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ 5 ਹੋਰ ਟੀਮਾਂ ਨੂੰ ਬੁਲਾਇਆ ਜਾ ਰਿਹਾ ਹੈ।
 

ਚੱਕਰਵਾਤੀ ਤੂਫ਼ਾਨ ਨਿਸਰਗ ਕਾਰਨ ਮੁੰਬਈ ‘ਚ ਕਈ ਥਾਈਂ ਮੀਂਹ ਪੈ ਰਿਹਾ ਹੈ। ਖਦਸ਼ਾ ਹੈ ਕਿ ਭਲਕੇ ਇਹ ਚੱਕਰਵਾਤ ਪੱਛਮੀ ਤੱਟਾਂ ਤੋਂ ਲੰਘਦੇ ਹੋਏ ਲਗਭਗ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟਾਂ ਨਾਲ ਟਕਰਾਏਗਾ। ਇਸ ਕਾਰਨ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
 

ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ ਨਿਸਰਗ ਲਗਭਗ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੱਟਾਂ ਨਾਲ ਟਕਰਾਏਗਾ। ਇਸ ਕਾਰਨ 3 ਤੇ 4 ਜੂਨ ਨੂੰ ਦੱਖਣੀ ਗੁਜਰਾਤ ਦੇ ਨਾਲ ਹੀ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ। ਮਹਾਰਾਸ਼ਟਰ ‘ਚ ਮੁੰਬਈ ਸਮੇਤ ਸਿੰਧਦੁਰਗ, ਰਤਨਾਗਿਰੀ, ਠਾਣੇ, ਰਾਏਗੜ੍ਹ ਅਤੇ ਪਾਲਘਰ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ।
 

ਗੁਜਰਾਤ ‘ਚ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਗਾਂਧੀਨਗਰ ਵਿੱਚ ਉਚ ਪੱਧਰੀ ਮੀਟਿੰਗ ਕਰਕੇ ਇਸ ਤੂਫ਼ਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉੱਤਰੀ ਗੁਜਰਾਤ ਦੇ ਪੰਜ ਜ਼ਿਲ੍ਹਿਆਂ ਅਤੇ ਭਾਵਨਗਰ ਅਤੇ ਅਮਰੇਲੀ ਜ਼ਿਲ੍ਹੇ ਵਿੱਚ ਐਨਡੀਆਰਐਫ ਦੀਆਂ 10 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ 3 ਤੇ 4 ਜੂਨ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਮਛੇਰਿਆਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ।

Source HINDUSTAN TIMES

%d bloggers like this: