ਕੋਰੋਨਾ ਲੌਕਡਾਊਨ ‘ਚ ਸੜਕ ਕੰਢੇ ਸਬਜ਼ੀਆਂ ਵੇਚ ਰਹੀ ਹੈ ਚੈਂਪੀਅਨ ਤੀਰਅੰਦਾਜ਼

ਜਿਸ ਦੇਸ਼ ‘ਚ ਰਾਸ਼ਟਰੀ ਤੇ ਕੌਮਾਂਤਰੀ ਪੱਧਰ ‘ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲਾ ਖਿਡਾਰੀ ਦੋ ਵਕਤ ਦੀ ਰੋਟੀ ਲਈ ਤਰਸੇ, ਉਸ ਦੇਸ਼ ‘ਚ ਖੇਡ ਤੇ ਖਿਡਾਰੀਆਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵਾ ਕਰਨਾ ਸਰਕਾਰਾਂ ਦੀ ਨੀਯਤ ਸਵਾਲ ਖੜੇ ਕਰਦਾ ਹੈ। ਭਾਰਤ ‘ਚ ਖੇਡਾਂ ਲਈ ਹਰ ਸਾਲ ਅਰਬਾਂ ਰੁਪਏ ਦਾ ਬਜਟ ਤਿਆਰ ਹੁੰਦਾ ਹੈ, ਪਰ ਇਸ ਨਾਲ ਖੇਡ ਤੇ ਖਿਡਾਰੀਆਂ ਦਾ ਕਿੰਨਾ ਕੁ ਭਲਾ ਹੁੰਦਾ ਹੈ, ਜੇ ਇਹ ਜਾਨਣਾ ਹੈ ਤਾਂ ਝਾਰਖੰਡ ਦੀ ਤੀਰਅੰਦਾਜ਼ ਸੋਨੀ ਖਾਤੂਨ ਨੂੰ ਵੇਖਿਆ ਜਾ ਸਕਦਾ ਹੈ। ਰਾਸ਼ਟਰੀ ਸਕੂਲ ਤੀਰਅੰਦਾਜ਼ੀ ਮੁਕਾਬਲੇ ‘ਚ ਤਗਮਾ ਜਿੱਤਣ ਵਾਲੀ ਸੋਨੀ ਅੱਜ ਝਰੀਆ ‘ਚ ਸੜਕ ਕੰਢੇ ਸਬਜ਼ੀਆਂ ਵੇਚਣ ਲਈ ਮਜਬੂਰ ਹੈ।
 

ਸੋਨੀ ਨੇ ਸਾਲ 2011 ‘ਚ ਪੁਣੇ ਵਿੱਚ ਹੋਈ 56ਵੀਂ ਨੈਸ਼ਨਲ ਸਕੂਲ ਤੀਰਅੰਦਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਸਾਲ 2016 ਤਕ ਕਈ ਸੂਬਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲਿਆ। ਟਾਟਾ ਆਰਚਰੀ ਅਕਾਦਮੀ ਦੇ ਫੀਡਰ ਸੈਂਟਰ ‘ਚ ਉਸ ਨੂੰ ਆਪਣੀ ਕੁਸ਼ਲਤਾ ਨੂੰ ਵਿਖਾਉਣ ਦਾ ਮੌਕਾ ਵੀ ਮਿਲਿਆ, ਪਰ ਉਸ ਦਾ ਤੀਰ ਕਮਾਨ ਕੀ ਟੁੱਟਿਆ, ਸਮਝੋ ਤੀਰਅੰਦਾਜ਼ੀ ਦੀ ਦੁਨੀਆਂ ‘ਚ ਤਾਰੇ ਵਜੋਂ ਚਮਕਣ ਦਾ ਉਸ ਦਾ ਸੁਪਨਾ ਟੁੱਟ ਗਿਆ। ਤੀਰ-ਕਮਾਨ ਲਈ ਉਸ ਨੇ ਖੇਡ ਮੰਤਰੀ ਤੋਂ ਲੈ ਕੇ ਵਿਭਾਗ ਦੇ ਅਧਿਕਾਰੀਆਂ ਤਕ ਗੇੜੇ ਲਗਾਏ, ਪਰ ਉਸ ਨੂੰ ਸਿਰਫ਼ ਭਰੋਸਾ ਮਿਲਿਆ। ਹੁਣ ਉਸ ਕੋਲ ਅਭਿਆਸ ਕਰਨ ਲਈ ਨਾ ਤਾਂ ਤੀਰ-ਕਮਾਨ ਹੈ ਅਤੇ ਨਾ ਹੀ ਕੋਈ ਖੇਡ ਦਾ ਮੈਦਾਨ।
 

23 ਸਾਲਾ ਸੋਨੀ ਸਬਜ਼ੀ ਦੀ ਦੁਕਾਨ ਲਗਾ ਕੇ ਝਰੀਆ ਦੇ ਜਿਅਲਗੋਰਾ ਦੀ ਸੜਕ ਕੰਢੇ ਬੈਠੀ ਹੈ। ਉਹ ਬਹੁਤ ਹੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। ਪਰਿਵਾਰ ‘ਚ ਮਾਪਿਆਂ ਤੋਂ ਇਲਾਵਾ ਦੋ ਹੋਰ ਭੈਣਾਂ ਹਨ। ਪਿਤਾ ਇਰਦੀਸ਼ ਮੀਆਂ ਘਰਾਂ ‘ਚ ਸਫ਼ੈਦੀ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਕੰਮ ਲੌਕਡਾਊਨ ਕਾਰਨ ਬੰਦ ਪਿਆ ਹੈ। ਮਾਂ ਸ਼ਕੀਲਾ ਘਰੇਲੂ ਔਰਤ ਹੈ। ਵੱਡੀ ਭੈਣ ਪੀਜੀ ਦੀ ਪੜ੍ਹਾਈ ਕਰ ਰਹੀ ਹੈ। ਛੋਟੀ ਭੈਣ 12ਵੀਂ ‘ਚ ਹੈ। ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਉਹੀ ਚੁੱਕ ਰਹੀ ਹੈ। 
 

ਸੋਨੀ ਖੁਦ ਦਸਵੀਂ ਜਮਾਤ ਤਕ ਪੜ੍ਹ ਸਕੀ। ਪਰਿਵਾਰ ਦੀ ਹਾਲਤ ਅਜਿਹੀ ਹੈ ਕਿ ਜੇ ਇੱਕ ਦਿਨ ਪੈਸੇ ਘਰ ‘ਚ ਨਾ ਆਉਣ ਤਾਂ ਚੁੱਲ੍ਹਾ ਨਹੀਂ ਜਲੇਗਾ। ਕਿਰਾਏ ਦੇ ਮਕਾਨ ‘ਚ ਰਹਿੰਦਿਆਂ ਸੋਨੀ ਨੇ ਤੀਰਅੰਦਾਜ਼ੀ ਦੇ ਵੱਡੇ-ਵੱਡੇ ਸੁਪਨੇ ਵੇਖੇ ਸਨ, ਪਰ ਹੁਣ ਉਸ ਦੀਆਂ ਅੱਖਾਂ ‘ਚ ਸੁਪਨਿਆਂ ਦੀ ਬਜਾਏ ਹੰਝੂ ਹਨ। ਉਹ ਕਹਿੰਦੀ ਹੈ ਕਿ ਲੌਕਡਾਊਨ ‘ਚ ਘਰ ਚਲਾਉਣਾ ਸ਼ਾਮਲ ਸੀ। ਇਸ ਲਈ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਉਹ ਘਰ ਤੋਂ ਹਰ ਰੋਜ਼ ਇੱਕ ਕਿਲੋਮੀਟਰ ਦੂਰ ਝਰੀਆ-ਸਿੰਦਰੀ ਸੜਕ ‘ਤੇ ਸਬਜ਼ੀਆਂ ਵੇਚਣ ਆਉਂਦੀ ਹੈ। ਉਹ ਕਹਿੰਦੀ ਹੈ ਕਿ ਅੱਜ ਵੀ ਜੇ ਉਸ ਨੂੰ ਸਰੋਤ ਮਿਲਣ ਤਾਂ ਉਹ ਆਪਣੀ ਪ੍ਰਤਿਭਾ ਨਾਲ ਸੂਬੇ ਦਾ ਨਾਂਅ ਰੌਸ਼ਨ ਕਰ ਸਕਦੀ ਹੈ।

Source HINDUSTAN TIMES

%d bloggers like this: