ਕੇਂਦਰ ਸਰਕਾਰ ਗਰੀਬਾਂ ਨੂੰ 6 ਮਹੀਨੇ ਤਕ 7,500 ਰੁਪਏ ਦੇਵੇ : ਸੋਨੀਆ ਗਾਂਧੀ

ਦੇਸ਼ ‘ਚ ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ‘ਚ ਪਾਰਟੀ ਨੇ #SpeakupIndia ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬਾਂ ਨੂੰ ਰਾਹਤ ਦਿੱਤੀ ਜਾਵੇ। ਸੋਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗਰੀਬਾਂ ਲਈ 7500 ਰੁਪਏ ਪ੍ਰਤੀ ਮਹੀਨਾ ਅਗਲੇ 6 ਮਹੀਨੇ ਤਕ ਦੇਣੇ ਚਾਹੀਦੇ ਹਨ।
 

ਮੁਹਿੰਮ ਨਾਲ ਸਬੰਧਤ ਇੱਕ ਸੰਬੋਧਨ ‘ਚ ਸੋਨੀਆ ਗਾਂਧੀ ਨੇ ਕੇਂਦਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਖਜ਼ਾਨੇ ਦਾ ਤਾਲਾ ਖੋਲ੍ਹੋ ਅਤੇ ਗਰੀਬਾਂ ਨੂੰ ਰਾਹਤ ਦਿਓ।” ਉਨ੍ਹਾਂ ਕਿਹਾ ਕਿ ਅਗਲੇ 6 ਮਹੀਨਿਆਂ ਲਈ 7500 ਰੁਪਏ ਪ੍ਰਤੀ ਮਹੀਨਾ ਗਰੀਬਾਂ ਨੂੰ ਦਿੱਤਾ ਜਾਵੇ, ਜਿਸ ਵਿੱਚੋਂ 10,000 ਰੁਪਏ ਤੁਰੰਤ ਉਨ੍ਹਾਂ ਦੇ ਖਾਤੇ ‘ਚ ਭੇਜੇ ਜਾਣ।
 

ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਨਰੇਗਾ ਤਹਿਤ ਹਰੇਕ ਮਜ਼ਦੂਰ ਲਈ ਘੱਟੋ-ਘੱਟ 200 ਦਿਨ ਦਾ ਕੰਮ ਯਕੀਨੀ ਬਣਾਉਣਾ ਚਾਹੀਦਾ ਹੈ। 6 ਮਿੰਟ ਦੇ ਸੰਬੋਧਨ ਵਿੱਚ ਸੋਨੀਆ ਨੇ ਕਿਹਾ ਕਿ ਦੇਸ਼ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦੀ ਚੁਣੌਤੀ ਅਤੇ ਲੌਕਡਾਊਨ ਦਾ ਸਾਹਮਣਾ ਕਰ ਰਿਹਾ ਹੈ। ਲੱਖਾਂ ਮਜ਼ਦੂਰ ਨੰਗੇ ਪੈਰ, ਭੁੱਖੇ, ਸੈਂਕੜੇ ਕਿਲੋਮੀਟਰ ਤੁਰਨ ਲਈ ਮਜਬੂਰ ਹਨ। ਹਰ ਕੋਈ ਉਨ੍ਹਾਂ ਦੇ ਦਰਦ ਨੂੰ ਸਮਝਦਾ ਹੈ, ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
 

ਕੇਂਦਰ ਸਰਕਾਰ ਅੱਗੇ ਗਰੀਬਾਂ, ਪ੍ਰਵਾਸੀਆਂ, ਛੋਟੇ ਕਾਰੋਬਾਰੀਆਂ ਅਤੇ ਮੱਧ ਵਰਗ ਦੇ ਲੋਕਾਂ ਦੀ ਆਵਾਜ਼ ਚੁੱਕਣ ‘ਚ ਮਦਦ ਕਰਨ ਲਈ ਕਾਂਗਸਰ ਨੇ 28 ਮਈ ਨੂੰ ‘ਸਪੀਕਅਪ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਾਰਟੀ ਦਾ ਦਾਅਵਾ ਹੈ ਕਿ 50 ਲੱਖ ਤੋਂ ਵੱਧ ਲੋਕ ਆਨਲਾਈਨ ਆਪਣੀ ਗੱਲ ਰੱਖਣਗੇ ਅਤੇ ਸਰਕਾਰ ਉੱਤੇ ਮਜ਼ਦੂਰਾਂ ਤੇ ਗਰੀਬਾਂ ਦੀ ਮਦਦ ਲਈ ਦਬਾਅ ਪਾਇਆ ਜਾਵੇਗਾ।

Source HINDUSTAN TIMES

%d bloggers like this: