ਅਚਾਨਕ ਲੌਕਡਾਊਨ ਲਾਗੂ ਕੀਤਾ ਜਾਣਾ ਗਲਤ ਸੀ, ਹੁਣ ਇਸ ਨੂੰ ਤੁਰੰਤ ਹਟਾਇਆ ਨਹੀਂ ਜਾ ਸਕਦਾ : ਊਧਵ ਠਾਕਰੇ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਅਚਾਨਕ ਲੌਕਡਾਊਨ ਲਾਗੂ ਕਰਨਾ ਗਲਤ ਸੀ ਅਤੇ ਹੁਣ ਇਸ ਨੂੰ ਤੁਰੰਤ ਹਟਾਇਆ ਨਹੀਂ ਜਾ ਸਕਦਾ।
 

ਮਹਾਰਾਸ਼ਟਰ ‘ਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਠਾਕਰੇ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਮਾਨਸੂਨ ‘ਚ ਹੋਰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਟੀਵੀ ‘ਤੇ ਪ੍ਰਸਾਰਿਤ ਕੀਤੇ ਗਏ ਸੰਦੇਸ਼ ਵਿੱਚ ਕਿਹਾ, “ਅਚਾਨਕ ਲੌਕਡਾਊਨ ਲਗਾਉਣਾ ਗਲਤ ਸੀ। ਇਸ ਨੂੰ ਤੁਰੰਤ ਹਟਾਉਣਾ ਵੀ ਗਲਤ ਹੋਵੇਗਾ। ਇਹ ਸਾਡੇ ਲੋਕਾਂ ਲਈ ਦੋਹਰਾ ਝਟਕਾ ਹੋਵੇਗਾ।”
 

ਠਾਕਰੇ ਨੇ ਕਿਹਾ, “ਪਿਛਲੇ ਦਿਨਾਂ ਵਿੱਚ ਅਸੀਂ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਤੇਜ਼ੀ ਵੇਖੀ ਹੈ, ਜਿਸ ਦੇ ਅੱਗੇ ਜਾਰੀ ਰਹਿਣ ਦੀ ਉਮੀਦ ਹੈ। ਜੇ ਅਸੀਂ ਕੋਰੋਨਾ ਮਹਾਂਮਾਰੀ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।”
 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ਪੱਧਰੀ ਲੌਕਡਾਊਨ ਦੀ ਘੋਸ਼ਣਾ ਕੀਤੀ ਸੀ। ਇਸ ਦਾ ਪਹਿਲਾ ਗੇੜ 25 ਮਾਰਚ ਤੋਂ 14 ਅਪ੍ਰੈਲ ਤਕ ਸੀ। ਇਸ ਨੂੰ 15 ਅਪ੍ਰੈਲ ਤੋਂ ਵਧਾ ਕੇ 3 ਮਈ (ਦੂਜਾ ਗੇੜ) ਕੀਤਾ ਗਿਆ ਸੀ। ਇਸ ਦਾ ਤੀਜਾ ਗੇੜ 4 ਮਈ ਤੋਂ 17 ਮਈ ਤਕ ਸੀ ਅਤੇ ਹੁਣ ਲੌਕਡਾਊਨ 4.0 ਕੁਝ ਛੋਟਾਂ ਨਾਲ 18 ਮਈ ਤੋਂ 31 ਮਈ ਤਕ ਹੈ।

Source HINDUSTAN TIMES

%d bloggers like this: